ਸੁਣ ਕੇ ਮਜ਼ਾ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ!
ਦਿਲ ਵਿਚ ਜੇ ਖੁੱਭ ਨਾ ਜਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਖ਼ੂਬੀ ਗ਼ਜ਼ਲ ਦੀ ਇਹ ਹੈ ਦਿਲ ਨੂੰ ਚੜ੍ਹਾਵੇ ਮਸਤੀ,
ਜਿਹੜੀ ਦਿਮਾਗ਼ ਨੂੰ ਖਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਹਰ ਸ਼ਿਅਰ ਆਪਣੀ ਆਪਣੀ ਪੂਰੀ ਕਹਾਣੀ ਦੱਸੇ,
ਅੱਧ ਚੋਂ ਜੋ ਟੁੱਟ ਜਾਵੇ, ਉਸਨੂੰ ਗ਼ਜ਼ਲ ਨਾ ਆਖੋ!
-----
ਮਿਸਰਾ ਤਾਂ ਪਿੱਛੋ ਮੁੱਕੇ, ਖੁੱਲ੍ਹ ਜਾਣ ਅਰਥ ਪਹਿਲਾਂ,
ਉਲਝਨ ਦੇ ਵਿੱਚ ਜੋ ਪਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਬੇ-ਅਰਥ ਕੋਈ ਬਾਤ ਜਚਦੀ ਨਹੀਂ ਗ਼ਜ਼ਲ ਵਿੱਚ,
ਮਾਅਨਾ ਸਮਝ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਮਖ਼ਸੂਸ ਸ਼ਬਦ ਹੀ ਕੁਝ ਯਾਰੋ ਗ਼ਜ਼ਲ ਲਈ ਹਨ,
ਬਾਹਰ ਜੇ ਉਸਤੋਂ ਜਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਹਰ ਬਾਤ ਇਸ਼ਕ਼ ਦੇ ਵਿਚ ਰੰਗੀ ਹੋਈ ਗ਼ਜ਼ਲ ਦੀ,
ਜੋ ਖ਼ੁਸ਼ਕੀਆਂ ਚੜ੍ਹਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਫ਼ੁੱਲਾਂ ਦੇ ਵਾਂਗੂ ਵੰਡਣ ਖ਼ੁਸ਼ਬੂ ਗ਼ਜ਼ਲ ਦੇ ਮਿਸਰੇ,
ਜਿਸ ਚੋਂ ਸੜਾਂਦ ਆਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਮਸਤੀ ਸ਼ਰਾਬ ਵਰਗੀ; ਮੁਟਿਆਰ ਵਰਗਾ ਨਖ਼ਰਾ,
ਨਜ਼ਰਾਂ ’ਚ ਨਾ ਸਮਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਸੰਗੀਤ ਦੀ ਮਧੁਰਤਾ; ਝਰਨੇ ਜਹੀ ਰਵਾਨੀ,
ਜੇਕਰ ਨਜ਼ਰ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਸ਼ਿਅਰਾਂ ਦੇ ਅਰਥ ਉੱਦਾਂ ਲਭੇ ਲੁਗਾਤ ਵਿਚੋਂ,
ਫ਼ਿਰ ਭੀ ਗ਼ਜ਼ਲ ਦੇ ਦਾਅਵੇ? ਉਸਨੂੰ ਗ਼ਜ਼ਲ ਨਾ ਆਖੋ!
-----
ਅਨਹੋਣੀਆਂ ਦਲੀਲਾਂ; ਉਪਮਾਵਾਂ ਅੱਤ ਅਸੰਭਵ,
ਅਸ਼ਲੀਲਤਾ ਵਧਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਮਹਿਫ਼ਿਲ ਵਿੱਚ ਥਿਰਕਦੀ ਹੈ ਜਿਦਾਂ ਹੁਸੀਨ ਨਾਚੀ,
ਓਹ ਰੰਗ ਨਾ ਜਮਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਬਿਰਹਾ ਦਾ ਦਰਦ ਹੋਵੇ ਜਾਂ ਵਸਲ ਦੀ ਲਤਾਫ਼ਤ,
ਜਾਂ ਇਸ਼ਕ਼ ਨਾ ਜਮਾਵੇ ਉਸਨੂੰ ਗ਼ਜ਼ਲ ਨਾ ਆਖੋ!
-----
ਮਹਿਬੂਬ ਨਾਲ ਗੱਲ; ਸਾਕੀ ਨਾਲ਼ ਸ਼ਿਕਵੇ,
ਮੰਜ਼ਰ ਨਾ ਏਹ ਦਿਖਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਦਿਲ ਦੀ ਜ਼ੁਬਾਨ ਹੈ ਏਹ ਦਾਨਿਸ਼ਵਰਾਂ ਕਿਹਾ ਹੈ,
ਕੋਈ ਪਹੇਲੀ ਪਾਵੇ; ਉਸਨੂੰ ਗ਼ਜ਼ਲ ਨਾ ਆਖੋ!
-----
ਸੜੀਅਲ ਮਿਜ਼ਾਜ਼ "ਦੀਪਕ"; ਡਿਗਰੀ ਦਾ ਰ੍ਹੋਬ ਪਾ ਕੇ
ਜੇ ਕਰ ਕਥਾ ਸੁਣਾਵੇ; ਉਸਨੂੰ ਗ਼ਜ਼ਲ ਨਾ ਆਖੋ!