ਨਜ਼ਮ
ਸਾਈ ਤੇ ਕਵਿਤਾ ਲਿਖਦੇ ਹਾਂ,
ਉਂਝ ਆਉਂਦਾ ਸਾਨੂੰ ਡੱਕਾ ਨਹੀਂ।
ਭਰ ਕੜਛੇ ਅਕਲਾਂ ਵੰਡਦੇ ਹਾਂ,
ਪਰ ਅਪਣੇ ਪੱਲੇ ਫ਼ੱਕਾ ਨਹੀਂ।
----
ਹਰ ਗੱਲ ਕਵਿਤਾ ਵਿੱਚ ਕਹਿਣੇ ਦਾ,
ਸਾਨੂੰ ਝੱਲ ਚੜ੍ਹਿਆ ਰਹਿੰਦਾ ਹੈ।
ਜਦ ਮਿਸਰਾ ਕੋਈ ਨਹੀਂ ਜੁੜਦਾ,
ਫ਼ੇਰ ਦਿਲ ਨੂੰ ਡੋਬੂ ਪੈਂਦਾ ਹੈ।
----
ਹਰ ਚੌਕ ‘ਚ ਖੜ੍ਹ ਕੇ ਹਰ ਵੇਲੇ,
ਦਿਲ ਕਵਿਤਾ ਕਹਿਣ ਨੂੰ ਕਰਦਾ ਹੈ।
ਪਰ ਜੁੱਤੀਆਂ, ਗਲ਼ੇ ਟਮਾਟਰਾਂ ਦੇ,
ਮੀਂਹ ਵਰ੍ਹਨੇ ਤੋਂ ਦਿਲ ਡਰਦਾ ਹੈ।
----
ਕਈ ਟੁੱਟੇ ਸ਼ਿਅਰ ਸੁਣਾਵਣ ਲਈ,
ਭਾੜੇ ਤੇ ਸਰੋਤੇ ਕਰਦੇ ਹਾਂ।
ਉਨ੍ਹਾਂ ਦੀ ਖਾਤਰਦਾਰੀ ਦੇ,
ਬਿੱਲ ਅਪਣੇ ਪੱਲਿਉਂ ਭਰਦੇ ਹਾਂ।
----
ਅਸੀਂ ਪੱਟੇ ਹੋਏ ਸ਼ਾਇਰੀ ਦੇ,
ਦਿਨ ਰਾਤੀਂ ਭੁੱਖੇ ਮਰਦੇ ਹਾਂ।
ਧੇਲੇ ਦੀ ਵੀ ਖੱਟੀ ਨਹੀਂ,
ਜਾਨ ਤੱਕ ਗਹਿਣੇ ਧਰਦੇ ਹਾਂ।
----
ਮੁਸ਼ਾਇਰਾ ਕਿਤੇ ਵੀ ਹੋਵੇ ਤੇ,
ਬੱਸ ਭੱਜੇ ਭੱਜੇ ਜਾਂਦੇ ਹਾਂ।
ਸਟੇਜ ਤੇ ਦੋ ਮਿੰਟ ਬੋਲਣ ਲਈ,
ਮਿੰਨਤਾਂ ਤਰਲੇ ਪਾਂਦੇ ਹਾਂ।
----
ਆਪਣੀ ਟੁੱਟੀ ਕਵਿਤਾ ਦੀ,
ਤਾਰੀਫ਼ ਦੇ ਭੁੱਖੇ ਰਹਿੰਦੇ ਹਾਂ।
ਦੋ ਤਾੜੀਆਂ ਵੱਜਦੀਆਂ ਸੁਣਨੇ ਦੇ,
ਦਿਨ ਰਾਤੀਂ ਸੁਪਨੇ ਲੈਂਦੇ ਹਾਂ।
----
ਹੋਰ ਕਿਸੇ ਦੀ ਸੁਣਨ ਦਾ ਨਹੀਂ,
ਬੱਸ ਆਪਣੀ ਕਹਿਣ ਦਾ ਚਾ ਸਾਨੂੰ।
ਜਾਂ ਮੁਰਗਾ ਕੋਈ ਛਕਾ ਦੇਵੇ,
ਜਾਂ ਪੈੱਗ ਕੋਈ ਦੇਵੇ ਪਾ ਸਾਨੂੰ।
----
ਖਾ ਪੀ ਕੇ ਢਿੱਡ ਤੇ ਹੱਥ ਫ਼ੇਰ,
ਅਸੀਂ ਰਫ਼ੂ ਚੱਕਰ ਹੋ ਜਾਂਦੇ ਹਾਂ।
ਕਿਤੇ ਹੋਰ ਮੁਸ਼ਾਇਰੇ ਪਹੁੰਚਣ ਦੀ,
ਫ਼ੇਰ ਅੱਟੀ ਸੱਟੀ ਲਾਂਦੇ ਹਾਂ।
----
ਇਹ ਅਮਲ ਬੜਾ ਹੀ ਖੋਟਾ ਹੈ,
ਬੱਸ ਹੱਡਾਂ ਨਾਲ ਹੀ ਜਾਂਦਾ ਹੈ।
ਇਹ ਲਾ-ਇਲਾਜ ਬੀਮਾਰੀ ਹੈ,
ਕੋਈ ਇਸ ਤੋਂ ਨਾ ਬਚ ਪਾਂਦਾ ਹੈ।
1 comment:
ਇਹ ਲਾਇਲਾਜ਼ ਬੀਮਾਰੀ ਚੋਖੇ ਬੰਦਿਆਂ ਨੂੰ ਹੈ
Post a Comment