Tuesday, February 24, 2009

ਰਵਿੰਦਰ ਸਿੰਘ ਕੁੰਦਰਾ - ਨਜ਼ਮ

ਸ਼ਾਇਰੀ ਦੀ ਬੀਮਾਰੀ

ਨਜ਼ਮ

ਸਾਈ ਤੇ ਕਵਿਤਾ ਲਿਖਦੇ ਹਾਂ,

ਉਂਝ ਆਉਂਦਾ ਸਾਨੂੰ ਡੱਕਾ ਨਹੀਂ

ਭਰ ਕੜਛੇ ਅਕਲਾਂ ਵੰਡਦੇ ਹਾਂ,

ਪਰ ਅਪਣੇ ਪੱਲੇ ਫ਼ੱਕਾ ਨਹੀਂ

----

ਹਰ ਗੱਲ ਕਵਿਤਾ ਵਿੱਚ ਕਹਿਣੇ ਦਾ,

ਸਾਨੂੰ ਝੱਲ ਚੜ੍ਹਿਆ ਰਹਿੰਦਾ ਹੈ

ਜਦ ਮਿਸਰਾ ਕੋਈ ਨਹੀਂ ਜੁੜਦਾ,

ਫ਼ੇਰ ਦਿਲ ਨੂੰ ਡੋਬੂ ਪੈਂਦਾ ਹੈ

----

ਹਰ ਚੌਕ ਖੜ੍ਹ ਕੇ ਹਰ ਵੇਲੇ,

ਦਿਲ ਕਵਿਤਾ ਕਹਿਣ ਨੂੰ ਕਰਦਾ ਹੈ

ਪਰ ਜੁੱਤੀਆਂ, ਗਲ਼ੇ ਟਮਾਟਰਾਂ ਦੇ,

ਮੀਂਹ ਵਰ੍ਹਨੇ ਤੋਂ ਦਿਲ ਡਰਦਾ ਹੈ

----

ਕਈ ਟੁੱਟੇ ਸ਼ਿਅਰ ਸੁਣਾਵਣ ਲਈ,

ਭਾੜੇ ਤੇ ਸਰੋਤੇ ਕਰਦੇ ਹਾਂ

ਉਨ੍ਹਾਂ ਦੀ ਖਾਤਰਦਾਰੀ ਦੇ,

ਬਿੱਲ ਅਪਣੇ ਪੱਲਿਉਂ ਭਰਦੇ ਹਾਂ

----

ਅਸੀਂ ਪੱਟੇ ਹੋਏ ਸ਼ਾਇਰੀ ਦੇ,

ਦਿਨ ਰਾਤੀਂ ਭੁੱਖੇ ਮਰਦੇ ਹਾਂ

ਧੇਲੇ ਦੀ ਵੀ ਖੱਟੀ ਨਹੀਂ,

ਜਾਨ ਤੱਕ ਗਹਿਣੇ ਧਰਦੇ ਹਾਂ

----

ਮੁਸ਼ਾਇਰਾ ਕਿਤੇ ਵੀ ਹੋਵੇ ਤੇ,

ਬੱਸ ਭੱਜੇ ਭੱਜੇ ਜਾਂਦੇ ਹਾਂ

ਸਟੇਜ ਤੇ ਦੋ ਮਿੰਟ ਬੋਲਣ ਲਈ,

ਮਿੰਨਤਾਂ ਤਰਲੇ ਪਾਂਦੇ ਹਾਂ

----

ਆਪਣੀ ਟੁੱਟੀ ਕਵਿਤਾ ਦੀ,

ਤਾਰੀਫ਼ ਦੇ ਭੁੱਖੇ ਰਹਿੰਦੇ ਹਾਂ

ਦੋ ਤਾੜੀਆਂ ਵੱਜਦੀਆਂ ਸੁਣਨੇ ਦੇ,

ਦਿਨ ਰਾਤੀਂ ਸੁਪਨੇ ਲੈਂਦੇ ਹਾਂ

----

ਹੋਰ ਕਿਸੇ ਦੀ ਸੁਣਨ ਦਾ ਨਹੀਂ,

ਬੱਸ ਆਪਣੀ ਕਹਿਣ ਦਾ ਚਾ ਸਾਨੂੰ

ਜਾਂ ਮੁਰਗਾ ਕੋਈ ਛਕਾ ਦੇਵੇ,

ਜਾਂ ਪੈੱਗ ਕੋਈ ਦੇਵੇ ਪਾ ਸਾਨੂੰ

----

ਖਾ ਪੀ ਕੇ ਢਿੱਡ ਤੇ ਹੱਥ ਫ਼ੇਰ,

ਅਸੀਂ ਰਫ਼ੂ ਚੱਕਰ ਹੋ ਜਾਂਦੇ ਹਾਂ

ਕਿਤੇ ਹੋਰ ਮੁਸ਼ਾਇਰੇ ਪਹੁੰਚਣ ਦੀ,

ਫ਼ੇਰ ਅੱਟੀ ਸੱਟੀ ਲਾਂਦੇ ਹਾਂ

----

ਇਹ ਅਮਲ ਬੜਾ ਹੀ ਖੋਟਾ ਹੈ,

ਬੱਸ ਹੱਡਾਂ ਨਾਲ ਹੀ ਜਾਂਦਾ ਹੈ

ਇਹ ਲਾ-ਇਲਾਜ ਬੀਮਾਰੀ ਹੈ,

ਕੋਈ ਇਸ ਤੋਂ ਨਾ ਬਚ ਪਾਂਦਾ ਹੈ।


1 comment:

Charanjeet said...

ਇਹ ਲਾਇਲਾਜ਼ ਬੀਮਾਰੀ ਚੋਖੇ ਬੰਦਿਆਂ ਨੂੰ ਹੈ